ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ

ਬੇਰੁਜ਼ਗਾਰ ਸਾਂਝਾ ਮੋਰਚਾ ਵੱਲੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ

 (HNI ब्यूरो) :  ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਆਲ ਪੰਜਾਬ 873 ਡੀਪੀਈ ਅਧਿਆਪਕ ਯੂਨੀਅਨ, 646 ਪੀਟੀਆਈ ਅਧਿਆਪਕ ਯੂਨੀਅਨ ਪੰਜਾਬ , ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਪੰਜਾਬ ਅਤੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਗਠਿਤ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ। ਬੇਰੁਜ਼ਗਾਰ ਨੌਜਵਾਨਾਂ ਨੇ ਸ਼ਾਂਤੀਪੂਰਵਕ ਸਿੱਖਿਆ ਮੰਤਰੀ ਦੇ ਘਰ ਅੱਗੇ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
        ਬੇਰੁਜ਼ਗਾਰ ਸਾਂਝਾ ਮੋਰਚਾ ਚ’ ਸ਼ਾਮਿਲ 873 ਡੀ.ਪੀ.ਈ. ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਡੀ.ਪੀ.ਈ. ਅਧਿਆਪਕਾਂ ਦੀਆਂ  873 ਅਸਾਮੀਆਂ ‘ਚ 1000 ਪੋਸਟਾਂ ਦਾ ਵਾਧਾ ਕੀਤਾ ਜਾਵੇ। ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਾਸਟਰ ਕੇਡਰ ਦ‍ਾ ਪੰਜਾਬੀ (62), ਹਿੰਦੀ (52) ਅਤੇ ਅੰਗਰੇਜ਼ੀ ਦਾ ਪੇਪਰ ਪਿਛਲੇ ਦਿਨ ਲੈ ਚੁੱਕੀ ਹੈ। ਮਾਸਟਰ ਕਾਡਰ ਦੀਆਂ 3282 ਅਸਾਮੀਆਂ ਤਹਿਤ ਸਮਾਜਿਕ ਸਿੱਖਿਆ ਦੀਆਂ 54, ਪੰਜਾਬੀ ਦੀਆਂ 62 ਅਤੇ ਹਿੰਦੀ ਦੀਆਂ ਮਹਿਜ਼ 52 ਅਸਾਮੀਆਂ ਹੀ ਕੱਢੀਆਂ ਗਈਆਂ ਹਨ, ਜਦੋਂਕਿ ਇਹਨਾਂ ਵਿਸ਼ਿਆਂ ਦੇ ਕਰੀਬ 30-35 ਹਜ਼ਾਰ ਉਮੀਦਵਾਰ ਟੈੱਟ ਪਾਸ ਹਨ। ਇਹਨਾਂ ਵਿਸ਼ਿਆਂ ਦੀਆਂ ਅਸਾਮੀਆ ‘ਚ ਵਾਧਾ ਕਰਨ ਕਰਨ, ਰਹਿੰਦੇ ਵਿਸ਼ਿਆਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਅਤੇ ਉਮਰ-ਹੱਦ 37 ਤੋਂ 42 ਸਾਲ ਕਰਨ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਵੀਆਂ ਅਸਾਮੀਆਂ ‘ ਚ ਸਿੱਖਿਆ -ਪ੍ਰੋਵਾਈਡਰਾਂ ਨੂੰ ਟੈੱਟ , ਉਮਰ ਦੀ ਛੋਟ ਅਤੇ 10 ਨੰਬਰਾਂ ਦਾ ਤਜ਼ਰਬਾ – ਅੰਕ ਦੇ ਕੇ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ‘ ਤੇ ਚੱਲ ਰਹੀ ਹੈ । ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਿੱਖਿਆ ਪ੍ਰੋਵਾਈਡਰਾਂ ਨੂੰ ਬਿਨਾਂ ਸ਼ਰਤ ਰੈਗੂਲਰ ਕਰੇ ਅਤੇ ਨਵੀਆਂ ਅਸਾਮੀਆਂ ‘ ਚ ਸਿੱਖਿਆ ਪ੍ਰੋਵਾਈਡਰਾਂ ਨੂੰ ਵਿਸ਼ੇਸ਼ ਛੋਟ ਦੇ ਕੇ ਉੱਚ – ਯੋਗਤਾਵਾਂ ਵਾਲੇ ਉਮੀਦਵਾਰਾਂ ਨੂੰ ਅੱਖੋਂ – ਪਰੋਖੇ ਨਾ ਕਰੇ।
      ਬੇਰੁਜ਼ਗਾਰ ਪੀ.ਟੀ.ਈ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਨਾਭਾ ਨੇ ਕਿਹਾ ਕਿ ਪੀ.ਟੀ.ਆਈ.(646) ਅਧਿਆਪਕਾਂ ਲਈ ਨੋਟੀਫਿਕੇਸ਼ਨ ਅਨੁਸਾਰ ਨਿਰੋਲ ਮੇੈਰਟ ਦੇ ਅਧਾਰ ਤੇ ਭਰਤੀ ਕੀਤਾ ਜਾਵੇ। ਬੇਰੁਜ਼ਗਾਰ ਆਰਟ ਐਂਡ ਕਰਾਫਟ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਝੁਨੀਰ ਨੇ ਕਿਹਾ ਉਮਰ ਹੱਦ ਵਿੱਚ ਛੋਟ ਦੇ ਕੇ 5000 ਆਰਟ ਐਂਡ ਕਰਾਫਟ ਦੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ ਅਤੇ ਆਰਟ ਐਂਡ ਕਰਾਫਟ ਵਿਸ਼ੇ ਨੂੰ ਜਰੂਰੀ ਵਿਸ਼ੇ ਵਜੋਂ ਮਾਨਤਾ ਦਿੱਤੀ ਜਾਵੇ। ਬੇਰੁਜ਼ਗਾਰ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਜਲਾਲਾਬਾਦ ਨੇ ਕਿਹਾ ਮਲਟੀਪਰਪਜ ਹੈਲਥ ਵਰਕਰਾਂ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰੀ ਕੀਤਾ ਜਾਵੇ ਅਤੇ ਖਾਲੀ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
  ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੁੂਬਾਈ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਨ, ਕ੍ਰਿਸ਼ਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਅਤੇ ਰੁਜ਼ਗਾਰ ਲਈ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਰਣਵੀਰ ਸਿੰਘ, ਅਮਨ ਸੇਖਾ, ਗੁਰਪ੍ਰੀਤ ਸਿੰਘ ਸਰਾਂ, ਸੀਸ਼ਪਾਲ ਰਟੋਲ, ਬਗੀਚਾ ਘੁਬਾਇਆ, ਮਨਜੀਤ ਕੌਰ, ਕਿਰਨਜੀਤ ਕੌਰ, ਸ਼ੰਦੀਪ ਕੌਰ, ਅਸੋਕ ਕੁਮਾਰ, ਗੁਰਪ੍ਰੀਤ ਖੰਨਾ ਆਦਿ ਨੇ ਸੰਬੋਧਨ ਕੀਤਾ। ਇਸ ਦੌਰਾਨ ਸਹਿਯੋਗੀ ਜਥੇਬੰਦੀ ਡੀ.ਟੀ.ਅੈੱਫ. ਵੱਲੋਂ ਬਲਵੀਰ ਚੰਦ ਲੌਂਗੋਵਾਲ, ਦਾਤਾ  ਸਿੰਘ ਨਮੋਲ, ਸੁਰਜੀਤ ਸਿੰਘ ਭੱਠਲ, ਜਮਹੂਰੀ ਅਧਿਕਾਰ ਸਭਾ ਵੱਲੋਂ ਵਿਸ਼ਵਕਾਂਤ, ਇੰਨਕਲਾਬੀ ਜਮਹੂਰੀ ਮੋਰਚਾ ਪੰਜਾਬ ਵੱਲੋਂ ਸਵਰਨਜੀਤ ਸੰਗਰੂਰ ਅਤੇ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ,ਜੀਵਨਜੋਤ, ਸ਼ੰਦੀਪ ਕੌਰ ਨੇ ਵੀ ਸੰਬੋਧਨ ਕੀਤਾ।

Post a Comment

Translate »