“ਕੱਲ ਫੇਰ ਕਿਸਾਨ ਤੇ ਮੰਤਰੀ ਹੋਣਗੇ ਆਹਮੋ-ਸਾਹਮਣੇ, ਕਿਸਾਨਾਂ ਵਲੋਂ ਸਿੰਘੂ ਬਾਰਡਰ ਤੇ ਅੱਜ ਇਕ ਅਹਿਮ ਮੀਟਿੰਗ”

“ਕੱਲ ਫੇਰ ਕਿਸਾਨ ਤੇ ਮੰਤਰੀ ਹੋਣਗੇ ਆਹਮੋ-ਸਾਹਮਣੇ, ਕਿਸਾਨਾਂ ਵਲੋਂ ਸਿੰਘੂ ਬਾਰਡਰ ਤੇ ਅੱਜ ਇਕ ਅਹਿਮ ਮੀਟਿੰਗ”

 (HNI  ਬਿਊਰੋ): ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 50ਵਾਂ ਦਿਨ ਹੈ। ਵੱਧ ਰਹੀ ਠੰਢ ਤੇ ਮੀਂਹਾਂ ’ਚ ਡਟੇ ਕਿਸਾਨ ਆਪਣੀਆਂ ਮੰਗਾਂ ਮੰਨਵਾਏ ਬਗ਼ੈਰ ਵਾਪਸ ਜਾਣ ਦੇ ਹੱਕ ’ਚ ਨਹੀਂ। ਇਸ ਸਭ ਦੌਰਾਨ 15 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਦੇ ਪ੍ਰਤੀਨਿਧਾਂ ਤੇ ਸਰਕਾਰ ਵਿਚਾਲੇ ਮੀਟਿੰਗ ਹੋਣ ਜਾ ਰਹੀ ਹੈ ਅਤੇ ਉਸ ਮੀਟਿੰਗ ਤੋਂ ਪਹਿਲਾਂ ਅੱਜ ਕਿਸਾਨ ਪ੍ਰਤੀਨਿਧੀ ਸਿੰਘੂ ਬਾਰਡਰ ’ਤੇ ਮੀਟਿੰਗ ਕਰਨ ਜਾ ਰਹੇ ਹਨ।
ਦੱਸ ਦੇਈਏ ਕਿ ਕੇਂਦਰ ਵੱਲੋਂ ਲਾਗੂ ਕੀਤੇ ਗਏ ਤਿੰਨੇ ਨਵੇਂ ਖੇਤੀ ਕਾਨੂੰਨ ਲਾਗੂ ਕਰਨ ਉੱਤੇ ਸੁਪਰੀਮ ਕੋਰਟ ਪਹਿਲਾਂ ਹੀ ਰੋਕ ਲਾ ਚੁੱਕੀ ਹੈ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਇਹ ਮਾਮਲਾ ਸੁਲਝਾਉਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਸੀ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਕਮੇਟੀ ਸਾਹਮਣੇ ਹਾਜ਼ਰ ਨਹੀਂ ਹੋਣਗੇ। ਕਿਉਕਿ ਸੁਪਰੀਮ ਕੋਰਟ ਵੱਲੋਂ ਕਮੇਟੀ ਕਾਇਮ ਕਰਨ ਤੋਂ ਬਾਅਦ ਸਰਕਾਰ ਨਾਲ ਗੱਲਬਾਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈ।
ਇਸ ਤੋਂ ਪਹਿਲਾਂ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਅਗਵਾਈ ਹੇਠ ਤਿੰਨ ਮੰਤਰੀਆਂ ਦੀ ਕਮੇਟੀ ਕਿਸਾਨ ਯੂਨੀਅਨਾਂ ਨਾਲ ਗੱਲਬਾਤ ਕਰ ਰਹੀ ਸੀ ਪਰ ਸਰਕਾਰ ਤੇ ਕਿਸਾਨਾਂ ਵਿਚਾਲੇ 9ਵੇਂ ਗੇੜ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਸੀ। ਪਿਛਲੀ ਵਾਰ 8 ਜਨਵਰੀ ਨੂੰ ਹੋਈ ਮੀਟਿੰਗ ਦੌਰਾਨ ਦੋਵੇਂ ਧਿਰਾਂ 15 ਜਨਵਰੀ ਨੂੰ ਅਗਲੇ ਗੇੜ ਦੀ ਗੱਲਬਾਤ ਕਰਨ ਲਈ ਸਹਿਮਤ ਹੋਈਆਂ ਸਨ।
26 ਜਨਵਰੀ ਵਾਲੇ ਦਿਨ ਕਿਸਾਨ ਆਪਣੇ ਪ੍ਰਸਤਾਵਿਤ ‘ਕਿਸਾਨ ਪਰੇਡ’ ਦੇ ਪ੍ਰੋਗਰਾਮ ਉੱਤੇ ਅਮਲ ਕਰਨ ਅਤੇ ਦਿੱਲੀ ਰਵਾਨਗੀਆਂ ਪਾਉਣ ਦੇ ਆਪਣੇ ਸਟੈਂਡ ’ਤੇ ਡਟੇ ਹੋਏ ਹਨ। ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੇ ਅੰਦੋਲਨ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

Post a Comment

Translate »