ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਤੀਜੇ ਪੜਾਅ ਦੀ ਸ਼ੁਰੂਆਤ

ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਤੀਜੇ ਪੜਾਅ ਦੀ ਸ਼ੁਰੂਆਤ

-ਸਮਾਰਟ ਫੋਨ ਵਿਦਿਆਰਥੀਆਂ ਨੂੰ ਬੋਰਡ ਦੀਆਂ ਫਾਈਨਲ ਪ੍ਰੀਖਿਆਵਾਂ ਦੀ ਬਿਹਤਰ ਢੰਗ ਨਾਲ ਤਿਆਰੀ ਕਰਨ ਵਿੱਚ ਸਹਾਇਕ ਹੋਣਗੇ : ਡੀਸੀ ਘਨਸ਼ਿਆਮ ਥੋਰੀ
-ਜਲੰਧਰ ਵਿਚ ਪੰਜਾਬ ਸਮਾਰਟ ਕੁਨੈਕਟ ਸਕੀਮ ਅਧੀਨ ਸਮੁੱਚੇ ਪੜਾਵਾਂ ਵਿਚ 11894 ਸਮਾਰਟ ਫੋਨ ਵੰਡੇ ਗਏ

ਇਹ ਯਕੀਨੀ ਬਣਾਉਂਦਿਆਂ ਕਿ ਕੋਵਿਡ ਮਹਾਂਮਾਰੀ ਦਰਮਿਆਨ ਕੋਈ ਵੀ ਬੱਚਾ ਈ-ਲਰਨਿੰਗ ਤੋਂ ਵਾਂਝਾ ਨਾ ਰਹਿ ਜਾਵੇ, ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਵੀਰਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 10 ਵਿਦਿਆਰਥੀਆਂ ਨੂੰ ਫੋਨ ਸੌਂਪ ਕੇ ਪੰਜਾਬ ਸਮਾਰਟ ਕੁਨੈਕਟ ਸਕੀਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਕੀਤੀ।
ਜ਼ਿਲ੍ਹੇ ਦੀਆਂ 9 ਥਾਵਾਂ ‘ਤੇ ਇਕੋ ਸਮੇਂ ਕਰਵਾਏ ਗਏ ਸਮਾਗਮਾਂ ਦੌਰਾਨ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਕੁੱਲ 3468 ਸਮਾਰਟ ਫੋਨ ਵੰਡੇ ਗਏ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਮਾਰਟ ਫੋਨ ਵਿਦਿਆਰਥੀਆਂ ਲਈ ਆਉਣ ਵਾਲੀਆਂ ਬੋਰਡ ਦੀਆਂ ਫਾਈਨਲ ਪ੍ਰੀਖਿਆਵਾਂ ਦੀ ਬਿਹਤਰ ਢੰਗ ਨਾਲ ਤਿਆਰੀ ਕਰਨ ਵਿੱਚ ਸਹਾਇਕ ਸਾਬਤ ਹੋਣਗੇ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅਧਿਐਨ ਵਿੱਚ ਮਹਾਂਮਾਰੀ ਕਾਰਨ ਕੋਈ ਰੁਕਾਵਟ ਨਾ ਆਵੇ, ਇਸ ਲਈ ਇਹ ਮਹੱਤਵਪੂਰਣ ਡਿਜੀਟਲ ਪਹਿਲ ਕੀਤੀ ਗਈ। ਮਹਾਂਮਾਰੀ ਕਾਰਨ ਨਿਯਮਿਤ ਕਲਾਸਾਂ ਮਾਰਚ ਤੋਂ ਰੁਕੀਆਂ ਹੋਈਆਂ ਸਨ।
ਉਨ੍ਹਾਂ ਕਿਹਾ ਕਿ ਸਮਾਰਟ ਫੋਨਾਂ ਨੇ ਵਿਦਿਆਰਥੀਆਂ/ਅਧਿਆਪਕਾਂ ਨੂੰ ਆਨਲਾਈਨ ਕਲਾਸਾਂ ਰਾਹੀਂ ਸਿੱਖਣ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਹੈ।
ਥੋਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਆਰਥੀ ਆਪਣੇ ਕੋਰਸ ਸੰਬੰਧੀ ਢੁੱਕਵੀਂ ਜਾਣਕਾਰੀ ਸਰਲਤਾ ਨਾਲ ਹਾਸਲ ਕਰ ਸਕਣਗੇ। ਇਸ ਤੋਂ ਇਲਾਵਾ ਉਹ ਸਮਾਰਟ ਫੋਨ ਦੀ ਮਦਦ ਨਾਲ ਆਸਾਨੀ ਨਾਲ ਨਾਗਰਿਕ ਸੇਵਾਵਾਂ ਦਾ ਵੀ ਆਨਲਾਈਨ ਲਾਭ ਪ੍ਰਾਪਤ ਕਰ ਸਕਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਨੌਜਵਾਨ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪ੍ਰੋਗਰਾਮ ਤਹਿਤ ਰੋਜ਼ਗਾਰ ਦੇ ਮੌਕਿਆਂ, ਰੋਜ਼ਗਾਰ ਮੇਲਿਆਂ ਅਤੇ ਭਰਤੀ ਮੁਹਿੰਮਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਜਲੰਧਰ ਵਿੱਚ 11894 ਸਮਾਰਟ ਫੋਨ ਵੰਡੇ ਗਏ ਹਨ, ਜਿਨ੍ਹਾਂ ਵਿੱਚ ਪਹਿਲੇ ਪੜਾਅ ਵਿੱਚ 2116, ਦੂਜੇ ਅਤੇ ਤੀਜੇ ਪੜਾਅ ਵਿੱਚ ਕ੍ਰਮਵਾਰ 6310 ਅਤੇ 3468 ਸ਼ਾਮਲ ਹਨ।
ਇਸ ਮੌਕੇ ਡੀਈਓ ਸੈਕੰਡਰੀ ਹਰਿੰਦਰਪਾਲ ਸਿੰਘ, ਡਿਪਟੀ ਡੀਈਓ ਸੈਕੰਡਰੀ ਰਾਜੀਵ ਜੋਸ਼ੀ, ਕਾਂਗਰਸੀ ਆਗੂ ਬਲਦੇਵ ਸਿੰਘ ਦੇਵ, ਅੰਗਦ ਦੱਤਾ ਅਤੇ ਹੋਰ ਮੌਜੂਦ ਸਨ।

Post a Comment

Translate »